District administration on war foot against floods

ਹੜ੍ਹਾਂ ਵਿਰੁੱਧ ਰਾਹਤ ਕਾਰਜ ਜੰਗੀ ਪੱਧਰ ਤੇ

ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਅਜਨਾਲਾ ਖੇਤਰ ‘ਚ ਰਾਹਤ ਕੰਮ ਜੰਗੀ ਪੱਧਰ ‘ਤੇ ਜਾਰੀ

ਪ੍ਰਭਾਰੀ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਰਾਹਤ ਕੰਮਾਂ ਦਾ ਜਾਇਜਾ

ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ 2 ਸਤੰਬਰ 2025—ਕੁਲਜੀਤ ਸਿੰਘ 

ਰਾਵੀ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਸਬ-ਡਵੀਜ਼ਨ ਅਜਨਾਲਾ ਅਤੇ ਲੋਪੋਕੇ ਦੇ ਕਈ ਪਿੰਡਾਂ ਵਿਚ ਹੜ੍ਹ ਆਉਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਜਿਸ ਵਿੱਚ ਸਿਵਲ ਦੀਆਂ ਟੀਮਾਂ ਤੋਂ ਇਲਾਵਾ ਫੌਜ, ਐਨ.ਡੀ.ਆਰ.ਐਫ., ਪੁਲਿਸ ਅਤੇ ਐਨ.ਜੀ.ਓ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। 

ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਲਈ ਟੀਮਾਂ ਵਲੋਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਲੋੜ ਅਨੁਸਾਰ ਪੀਣ ਵਾਲਾ ਪਾਣੀ, ਰਾਸ਼ਨ, ਲੋੜਵੰਦਾਂ ਨੂੰ ਦਵਾਈਆਂ, ਪਸ਼ੂਆਂ ਲਈ ਚਾਰੇ ਤੇ ਫੀਡ ਦੀ ਵੰਡ ਨਿਰੰਤਰ ਜਾਰੀ ਹੈ।  ਅੱਜ ਪ੍ਰਭਾਰੀ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਵਲੋਂ ਇਥੇ ਚਲ ਰਹੇ ਰਾਹਤ ਕੰਮਾਂ ਦਾ ਜਾਇਜਾ ਲਿਆ ਗਿਆ। ਉਨਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਲ੍ਹੇ ਵਿੱਚ ਪ੍ਰਸ਼ਾਸਨ ਵਲੋਂ ਆਰਜੀ ਤੌਰ ਤੇ ਰਾਹਤ ਕੈਂਪ ਬਣਾਏ ਗਏ ਹਨ ਜਿਥੇ ਰਹਿਣ ਅਤੇ ਖਾਣ ਪੀਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਉਨਾਂ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੇ ਪਾਣੀ ਵਿੱਚ ਘਿਰੇ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਆਂਦਾ ਹੈ। ਉਨਾਂ ਦੱਸਿਆ ਕਿ ਅਸੀਂ ਰੈਡ ਕਰਾਸ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ 45000 ਦੇ ਕਰੀਬ ਪਾਣੀ ਦੀਆਂ ਬੋਤਲਾਂ ਅਤੇ 17000 ਤੋਂ ਵਧੇਰੇ ਫੂਡ ਪੈਕਟਾਂ ਦੀ ਵੰਡ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਐਗਰੋ ਦੀ ਸਹਾਇਤਾ ਨਾਲ 100 ਕੁਇੰਟਲ ਦੇ ਕਰੀਬ ਸੁੱਕਾ ਚਾਰਾ ਅਤੇ 50-50 ਕਿਲੋਗਰਾਮ ਦੇ 850 ਬੈਗ ਫੀਡ ਪਸ਼ੂਆਂ ਲਈ ਵੰਡੇ ਜਾ ਚੁੱਕੇ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਵੱਖ- ਵੱਖ ਥਾਂਵਾਂ ਤੇ ਵੈਟਨਰੀ ਡਾਕਟਰਾਂ ਦੀਆਂ ਡਿਊਟੀਆਂ ਪਸ਼ੂਆਂ ਦੇ ਇਲਾਜ ਲਈ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲੋੜਵੰਦ ਮਰੀਜਾਂ ਦੇ ਡਾਕਟਰੀ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਉੱਥੇ ਡਾਕਟਰਾਂ ਵਲੋਂ ਇਲਾਜ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸਿਵਲ ਸਰਜਨ ਡਾ. ਕਿਰਨਦੀਪ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਵੀ ਹੜ੍ਹ ਪੀੜਤ ਪਰਿਵਾਰਾਂ ਲਈ ਮੈਡੀਕਲ ਟੀਮਾਂ ਦੀ ਡਿਊਟੀ ਸਮੇਤ ਐਂਬੂਲੈਂਸਾਂ  ਅਤੇ ਦਵਾਈਆਂ ਦੇਣ ਲਈ ਲਗਾਈ ਗਈ ਹੈ।

 ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਐਸ.ਡੀ.ਐਮ ਅੰਮ੍ਰਿਤਸਰ ਸ੍ਰੀ ਗੁਰਸਿਮਰਨ ਸਿੰਘ ਢਿਲੋਂ, ਐਸ.ਡੀਐਮ. ਅਜਨਾਲਾ ਸ੍ਰੀ ਰਵਿੰਦਰ ਸਿੰਘ, ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ੍ਰੀ ਅਮਨਦੀਪ ਸਿੰਘ, ਸੈਕਟਰੀ ਰੈੱਡ ਕਰਾਸ ਸ੍ਰੀ ਸੈਮਸਨ ਮਸੀਹ ਅਤੇ ਹੋਰ ਅਧਿਕਾਰੀ ਸਵੇਰੇ 6:00 ਵਜੇ ਤੋਂ ਰਾਹਤ ਕੰਮਾਂ ਵਿੱਚ ਲੱਗੇ ਹੋਏ ਹਨ। ਅੱਜ ਜਿੱਥੇ ਲੋੜਵੰਦਾਂ ਨੂੰ ਸੁਰੱਖਿਅਤ ਸਥਾਨਾਂ ਤੇ ਲਿਆਉਣ ਦਾ ਕੰਮ ਜਾਰੀ ਰਿਹਾ ਉਥੇ ਲੋੜਵੰਦਾਂ ਤੱਕ ਪੀਣ ਵਾਲਾ ਪਾਣੀ ਅਤੇ ਰਾਸ਼ਨ ਦੀ ਸਪਲਾਈ ਵੀ ਯਕੀਨੀ ਬਣਾਈ ਗਈ। 

ਜਿਲ੍ਹਾ ਪੁਲਿਸ ਮੁਖੀ ਸ੍ਰੀ ਮਨਿੰਦਰ ਸਿੰਘ ਆਪਣੀ ਟੀਮ ਨਾਲ ਨਿਰੰਤਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਕੰਮ ਕਰ ਰਹੇ ਹਨ ਅਤੇ ਉਹ ਫੌਜ ਤੇ ਦੂਜੀਆਂ ਏਜੰਸੀਆਂ ਦੀ ਮਦਦ ਨਾਲ ਲੋੜਵੰਦਾਂ ਨੂੰ ਕੱਢਣ ਅਤੇ ਰਾਹਤ ਸਮੱਗਰੀ ਵੰਢਣ ਵਿੱਚ ਲੱਗੇ ਹੋਏ ਹਨ।  

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਤੱਕ ਹਾਲਾਤ ਸਥਿਰ ਨਹੀਂ ਹੋ ਜਾਂਦੇ,ਉਹ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪਾਂ ਵਿਚ ਆ ਕੇ ਰਹਿਣ। ਰਾਹਤ ਕੈਂਪਾਂ ਹੜ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਰਹਿਣ,ਖਾਣ-ਪੀਣ, ਦਵਾਈਆਂ ਤੇ ਹੋਰ ਮੁਢਲੀਆਂ ਸਹੂਲਤਾਂ ਨਾਲ ਲੈਸ ਹੈ। ਇਸੇ ਦੌਰਾਨ ਹੜ੍ਹ ਪੀੜ੍ਹਤ ਇਲਾਕੇ ਵਿੱਚ ਸਕੂਲਾਂ ਦਾ ਦੌਰਾ ਕਰਕੇ ਆਏ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਜੱਟਾਂ, ਪੱਛੀਆਂ, ਨਿਸੋਕੇ, ਨੰਗਲ ਸੋਹਲ, ਮਾਛੀਵਾਲਾ, ਬਾਊਲੀ, ਰਮਦਾਸ, ਗੱਗੋਮਾਹਲ, ਅਵਾਣ, ਮਲਕਪੁਰ, ਦੂਜੋਵਾਲ, ਥੋਬਾ, ਅਤੇ ਸੂਫੀਆਂ ਦੇ ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਘਿਰੀਆਂ ਹਨ। ਉਨਾਂ ਦੱਸਿਆ ਕਿ ਚਮਿਆਰੀ ਅਤੇ ਸੁਧਾਰ ਸਕੂਲਾਂ ਵਿੱਚ ਹੜ੍ਹ ਪੀੜ੍ਹਤ ਦੀ ਮਦਦ ਲਈ ਆਏ ਫੌਜ ਦੇ ਜਵਾਨਾਂ ਨੇ ਆਪਣੀ ਰਿਹਾਇਸ਼ਗਾਹ ਬਣਾਈ ਹੈ ਅਤੇ ਅਸੀਂ ਉਨਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇ ਰਹੇ ਹਾਂ।